Home / News / ਆਪ’ ‘ਚ ਬਗ਼ਾਵਤ

ਆਪ’ ‘ਚ ਬਗ਼ਾਵਤ

ਕੇਜਰੀਵਾਲ ਦੇ ਮੁਆਫ਼ੀਨਾਮੇ ਨਾਲ ‘ਆਪ’ ‘ਚ ਬਗ਼ਾਵਤ
15 ਵਿਧਾਇਕਾਂ ਵਲੋਂ ਕੇਜਰੀਵਾਲ ਨੂੰ ਛੱਡ ਕੇ ਨਵੀਂ ਪਾਰਟੀ ਬਣਾਉਣ ਦੀ ਸਲਾਹ
ਭਗਵੰਤ ਮਾਨ ਅਤੇ ਅਮਨ ਅਰੋੜਾ ਵਲੋਂ ਅਹੁਦਿਆਂ ਤੋਂ ਅਸਤੀਫ਼ੇ-ਬੈਂਸ ਭਰਾਵਾਂ ਨੇ ਵੀ ਤੋੜਿਆ ਨਾਤਾ
ਐਨ. ਐਸ. ਪਰਵਾਨਾ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਰੁੱਧ ਕਈ ਮਹੀਨੇ ਪਹਿਲਾਂ ਨਸ਼ਾ ਤਸਕਰੀ ਦੇ ਲਾਏ ਗਏ ਦੋਸ਼ਾਂ ਲਈ ਉਨ੍ਹਾਂ ਤੋਂ ਅਚਾਨਕ ਲਿਖਤੀ ਮੰਗੀ ਮੁਆਫ਼ੀ ਨਾਲ ਪਾਰਟੀ ਪੰਜਾਬ ‘ਚ ਆਪ ਵਿਚ ਵੱਡੀ ਬਗਾਵਤ ਪੈਦਾ ਹੋ ਗਈ ਹੈ ਅਤੇ ਕੇਜਰੀਵਾਲ ਦੇ ਇਸ ਫ਼ੈਸਲੇ ਨੇ ਪਾਰਟੀ ਨੂੰ ਖੇਰੰੂ-ਖੇਰੰੂ ਕਰ ਦਿੱਤਾ ਹੈ | ਪਾਰਟੀ ਦੇ ਪੰਜਾਬ ਵਿੰਗ ਦੇ ਨੇਤਾਵਾਂ ਨੇ ਬਿਨਾਂ ਸਲਾਹ ਤੋਂ ਚੁੱਕੇ ਇਸ ਕਦਮ ‘ਤੇ ਸਖ਼ਤ ਨਰਾਜ਼ਗੀ ਪ੍ਰਗਟਾਈ ਹੈ ਅਤੇ ਮੁਆਫੀ ਦੇ ਵਿਰੋਧ ‘ਚ ਅੱਜ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਨੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ | ਉਨ੍ਹਾਂ ਤੋਂ ਬਾਅਦ ਪੰਜਾਬ ਇਕਾਈ ਦੇ ਮੀਤ ਪ੍ਰਧਾਨ ਅਮਨ ਅਰੋੜਾ ਨੇ ਵੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ | ਏਨਾ ਹੀ ਨਹੀਂ ‘ਆਪ’ ਦੇ 15 ਵਿਧਾਇਕਾਂ ਨੇ ਇਸ ਮੁਆਫ਼ੀਨਾਮੇ ਦਾ ਸਖ਼ਤ ਵਿਰੋਧ ਕਰਦਿਆਂ ਕੇਜਰੀਵਾਲ ਨੂੰ ਛੱਡ ਕੇ ਪੰਜਾਬ ‘ਚ ਨਵੀਂ ਪਾਰਟੀ ਬਣਾਉਣ ਦੀ ਸਲਾਹ ਦਿੱਤੀ ਹੈ | ਇਸ ਤੋਂ ਇਲਾਵਾ ਹੁਣ ਤੱਕ ‘ਆਪ’ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦੇ ਰਹੇ ਬੈਂਸ ਭਰਾਵਾਂ ਨੇ ਵੀ ਆਪਣੀ ਲੋਕ ਇਨਸਾਫ਼ ਪਾਰਟੀ ਦਾ ‘ਆਪ’ ਨਾਲ ਹੋਇਆ ਗਠਜੋੜ ਤੋੜ ਦਿੱਤਾ ਹੈ |
ਮੁਆਫ਼ੀ ਮੰਗਣ ਦੇ ਇਸ ਫ਼ੈਸਲੇ ਕਾਰਨ ਪੰਜਾਬ ‘ਚ ਪ੍ਰਮੁੱਖ ਵਿਰੋਧੀ ਪਾਰਟੀ ‘ਆਪ’ ਲਈ ਗੰਭੀਰ ਸਿਆਸੀ ਸੰਕਟ ਖੜ੍ਹਾ ਹੋ ਗਿਆ ਹੈ | ‘ਆਪ’ ਅਤੇ ਲੋਕ ਇਨਸਾਫ਼ ਪਾਰਟੀ ਦਾ ਗਠਜੋੜ ਖ਼ਤਮ ਹੋ ਗਿਆ ਹੈ | ਲੋਕ ਇਨਸਾਫ ਪਾਰਟੀ ਦੇ 2 ਵਿਧਾਇਕਾਂ ਬੈਂਸ ਭਰਾਵਾਂ ਨੇ ਐਲਾਨ ਕੀਤਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਮਜੀਠੀਆ ਤੋਂ ਮੁਆਫ਼ੀ ਮੰਗ ਕੇ ਪੰਜਾਬੀਆਂ ਦੇ ਹਿਤਾਂ ਨਾਲ ਗ਼ੱਦਾਰੀ ਕੀਤੀ ਤੇ ਉਨ੍ਹਾਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ, ਜਿਸ ਕਾਰਨ ਹੁਣ ਉਹ ਪੰਜਾਬ ਆਏ ਤਾਂ ਉਨ੍ਹਾਂ ਨੂੰ ਇਸ ਸੂਬੇ ਵਿਚ ਵੜਨ ਨਹੀਂ ਦਿੱਤਾ ਜਾਏਗਾ | ਵਰਨਣਯੋਗ ਗੱਲ ਇਹ ਹੈ ਕਿ ਅੱਜ ਇਥੇ ਕੇਜਰੀਵਾਲ ਦੇ ਅਚਾਨਕ ਮੁਆਫ਼ੀ ਮੰਗਣ ਤੋਂ ਪੈਦਾ ਹੋਈ ਸਥਿਤੀ ‘ਤੇ ਵਿਚਾਰ ਕਰਨ ਲਈ ‘ਆਪ’ ਤੇ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕਾਂ ਦੀ ਸਾਂਝੀ ਮੀਟਿੰਗ ਹੋਈ, ਜਿਸ ਵਿਚ ਸਾਰੇ ਹਾਲਾਤ ਦੀ ਚੀਰ ਫਾੜ ਕੀਤੀ ਗਈਪਹਿਰ ਬਾਅਦ ਹੋਈ ਦੂਜੀ ਮੀਟਿੰਗ ‘ਚੋਂ ਬੈਂਸ ਭਰਾ ਉੱਠ ਕੇ ਬਾਹਰ ਆ ਗਏ ਤੇ ਸਿਮਰਜੀਤ ਸਿੰਘ ਬੈਂਸ ਨੇ ਪ੍ਰੈੱਸ ਕਾਨਫ਼ਰੰਸ ਵਿਚ ਐਲਾਨ ਕਰ ਦਿੱਤਾ ਕਿ ਸਾਡਾ ਹੁਣ ਕੇਜਰੀਵਾਲ ਦੀ ਪਾਰਟੀ ਨਾਲ ਕੋਈ ਵਾਸਤਾ ਨਹੀਂ | ਅਸੀਂ ਤਾਂ ਬਾਏ-ਬਾਏ ਕਰ ਕੇ ਸਾਂਝੀ ਮੀਟਿੰਗ ‘ਚੋਂ ਉੱਠ ਕੇ ਆ ਗਏ ਹਾਂ | ਬੈਂਸ ਨੇ ਦਾਅਵਾ ਕੀਤਾ ਕਿ ‘ਆਪ’ ਦੇ 15 ਵਿਧਾਇਕ ਸਾਡੇ ਵਿਚਾਰਾਂ ਨਾਲ ਸਹਿਮਤ ਹਨ ਤੇ ਉਹ ਕਿਸੇ ਵੀ ਸਮੇਂ ਕੋਈ ਧਮਾਕਾ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਅਸੀਂ ਤਾਂ ਪੰਜਾਬੀਆਂ ਦੇ ਹਿਤਾਂ ਨਾਲ ਪਰਨਾਏ ਹੋਏ ਹਾਂ | ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ 15 ‘ਆਪ’ ਵਿਧਾਇਕ ਕੇਜਰੀਵਾਲ ਦੀ ਪਾਰਟੀ ਨਾਲੋਂ ਵੱਖ ਹੋ ਕੇ ਲੋਕ ਇਨਸਾਫ਼ ਪਾਰਟੀ ਵਿਚ ਸ਼ਾਮਿਲ ਹੋ ਸਕਦੇ ਹਨ ਤਾਂ ਬੈਂਸ ਨੇ ਕਿਹਾ ਦੇਖੋ ਕੀ ਹੁੰਦਾ ਹੈ | ਜਦੋਂ ਬੈਂਸ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਤਾਂ ‘ਆਪ’ ਵਿਧਾਇਕ ਦਲ ਦੇ ਆਗੂ ਸੁਖਪਾਲ ਸਿੰਘ ਖਹਿਰਾ ਆਪਣੇ ਸਾਥੀ ਵਿਧਾਇਕਾਂ ਨਾਲ ਵਿਚਾਰਾਂ ਕਰ ਰਹੇ ਸਨ | ਬੈਂਸ ਦਾ ਵਿਚਾਰ ਸੀ ਕਿ ਇਸ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਕਿ ਕੇਜਰੀਵਾਲ ਨੇ ਕਿਸੇ ਸਾਜਿਸ਼ ਅਧੀਨ ਅਕਾਲੀਆਂ ਨਾਲ ਸੌਦਾ ਕਰਨ ਲਈ ਮਜੀਠੀਆ ਵਿਰੁੱਧ ਅਦਾਲਤ ਵਿਚੋਂ ਆਪਣੇ ਵਕੀਲ ਰਾਹੀਂ ਮੁਆਫ਼ੀ ਮੰਗੀ ਹੋਵੇ | ਇਸ ਦੌਰਾਨ ਆਮ ਆਦਮੀ ਪਾਰਟੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਸੰਸਦ ਮੈਂਬਰ ਤੇ ਉਪ ਪ੍ਰਧਾਨ ਅਮਨ ਅਰੋੜਾ ਵਿਧਾਇਕ ਨੇ ਕੇਜਰੀਵਾਲ ਦੇ ਮਜੀਠੀਆ ਤੋਂ ਮੁਆਫ਼ੀ ਮੰਗਣ ਦੇ ਫ਼ੈਸਲੇ ਵਿਰੁੱਧ ਰੋਸ ਪ੍ਰਗਟ ਕਰਨ ਲਈ ਆਪੋ-ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਦਿੱਤੇ ਹਨ | ਕਿਹਾ ਜਾਂਦਾ ਹੈ ਕਿ ਅਮਨਅਰੋੜਾ ਨੇ ਵਿਧਾਇਕਾਂ ਦੇ ਵਿਚਾਰ ਸੁਣਨ ਪਿੱਛੋਂ ਅਸਤੀਫ਼ਾ ਦਿੱਤਾ | ਉਹ ਕਾਫ਼ੀ ਦੇਰ ਤੱਕ ਅੱਜ ਦੁਚਿੱਤੀ ‘ਚ ਸਨ | ਦੋਵੇਂ ਆਗੂ ਮਹਿਸੂਸ ਕਰਦੇ ਹਨ ਕਿ ਕੇਜਰੀਵਾਲ ਨੇ ਪਾਰਟੀ ਨੂੰ ਭਰੋਸੇ ਵਿਚ ਲਏ ਬਿਨਾਂ ਹੀ ਕਦਮ ਚੁੱਕਿਆ ਹੈ, ਜੋ ਪੰਜਾਬ ਦੀ ਜਨਤਾ ਨਾਲ ਧੋਖਾ ਹੈ | ਭਗਵੰਤ ਮਾਨ ਨੇ ਇਹ ਗੱਲ ਸਪਸ਼ਟ ਕੀਤੀ ਹੈ ਕਿ ਮੈਂ ਪਾਰਟੀ ਵਿਚ ਬਣਿਆ ਰਹਾਂਗਾ ਤੇ ਨਸ਼ਾ ਤਸਕਰੀ ਵਿਰੁੱਧ ਮੇਰੀ ਜੰਗ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ | ਦਿਲਚਸਪ ਗੱਲ ਇਹ ਹੈ ਕਿ ‘ਆਪ’ ‘ਚ ਜੋ ਗੰਭੀਰ ਸਥਿਤੀ ਪੈਦਾ ਹੋ ਗਈ ਹੈ ਉਸ ਤੋਂ ਸੀਨੀਅਰ ਵਕੀਲ ਤੇ ਦਾਖਾ ਤੋਂ ਪਾਰਟੀ ਦੇ ਵਿਧਾਇਕ ਐਚ.ਐਸ. ਫੂਲਕਾ ਫ਼ਿਲਹਾਲ ਚੁੱਪ ਬੈਠੇ ਹਨ | ਉਨ੍ਹਾਂ ਕੇਜਰੀਵਾਲ ਵਿਰੁੱਧ ਹੁਣ ਤੱਕ ਇਕ ਸ਼ਬਦ ਤਕ ਨਹੀਂ ਬੋਲਿਆ | ਇਸ ਦੌਰਾਨ ਪਤਾ ਲੱਗਾ ਹੈ ਕਿ ‘ਆਪ’ ਦੇ ਕਈ ਵਿਧਾਇਕਾਂ ਜਿਨ੍ਹਾਂ ਵਿਚ ਸੁਖਪਾਲ ਸਿੰਘ ਖਹਿਰਾ ਵੀ ਸ਼ਾਮਿਲ ਹਨ, ਨੇ ਕੱਲ੍ਹ ਤੇ ਅੱਜ ਕੇਜਰੀਵਾਲ ਨੂੰ ਕਈ ਵਾਰ ਟੈਲੀਫ਼ੋਨ ਕੀਤਾ ਪਰ ਉਨ੍ਹਾਂ ਦੇ ਸਟਾਫ਼ ਨੇ ਮੋਬਾਈਲ ਫ਼ੋਨ ਚੁੱਕਿਆ ਹੀ ਨਹੀਂ | ਖਹਿਰਾ ਨੇ ਇਹ ਸੂਚਨਾ ਆਪਣੇ ਕਈ ਸਾਥੀ ਵਿਧਾਇਕਾਂ ਨਾਲ ਵੀ ਸਾਂਝੀ ਕੀਤੀ | ਕਿਹਾ ਜਾਂਦਾ ਹੈ ਕਿ ਲਗਪਗ 15 ਵਿਧਾਇਕ ਕੋਈ ਤਿੱਖਾ ਤੇ ਸਾਂਝਾ ਕਦਮ ਉਠਾਉਣ ਬਾਰੇ ਆਪਸ ਵਿਚ ਵਿਚਾਰਾਂ ਕਰ ਰਹੇ ਹਨ ਪਰ ਉਹ ਸਾਰੇ ਇਸ ਸਮੇਂ ਮਹਿਸੂਸ ਕਰਦੇ ਹਨ ਕਿ ਕੇਜਰੀਵਾਲ ਨੇ ਪਤਾ ਨਹੀਂ ਕਿਸ ਹਾਲਾਤ ਦੇ ਕਾਰਨ ਪੰਜਾਬ ਵਿਚ ‘ਆਪ’ ਨੂੰ ਧੋਖਾ ਦਿੱਤਾ ਹੈ |

About Pindonline

Leave a Reply

Your email address will not be published. Required fields are marked *