Home / News / ਬੱਿਚਆਂ ਦੇ ਵਿਗਆਨੀ ਨਾ ਬਣਨ ਦਾ ਕਾਰਨ

ਬੱਿਚਆਂ ਦੇ ਵਿਗਆਨੀ ਨਾ ਬਣਨ ਦਾ ਕਾਰਨ

ਸਾਡੇ ਸਿੱਖਿਆ ਪ੍ਰਬੰਧ ਦਾ ਦੁਖਾਂਤ ਇਹੀ ਰਿਹਾ ਹੈ ਕਿ ਸਕੂਲ ਦਾਖ਼ਲ ਹੋਣ ਤੋਂ ਪਹਿਲਾਂ ਬੱਚੇ ਨੇ ਕੁਝ ਵੀ ਘਰੋਂ ਸਿੱਖਿਆ ਹੁੰਦਾ ਹੈ, ਅਧਿਆਪਕ ਉਸ ਨੂੰ ਮੇਟ ਦੇਣ ਦਾ ਯਤਨ ਕਰਦਾ ਹੈ। ਪਹਿਲਾਂ ਦੇ ਅਨੁਭਵਾਂ ਨੂੰ ਅੱਗੇ ਪੜ੍ਹਾਈ ਨਾਲ ਜੋੜਿਆ ਹੀ ਨਹੀਂ ਜਾਂਦਾ। ਸਿੱਟੇ ਵਜੋਂ ਬੱਚਾ ਨਵੇਂ ਅਤੇ ਔਖੇ ਸਵਾਲਾਂ ਵਿਚ ਮੁਸ਼ਕਿਲ ਸ਼ਬਦਾਵਲੀ ‘ਚ ਉਲਝ ਜਾਂਦਾ ਹੈ। ਚਾਹੀਦਾ ਤਾਂ ਇਹ ਹੈ ਕਿ ਮਾਹਿਰ ਉਸ ਦਾ ਮਨੋਵਿਗਿਆਨ ਸਮਝਣ, ਉਸ ਦੇ ਨਾਲ ਤੋਤਲੀਆਂ ਗੱਲਾਂ ਸਾਂਝੀਆਂ ਕਰਨ, ਖਿਡੌਣਿਆਂ ਬਾਰੇ, ਪੰਛੀਆਂ ਬਾਰੇ, ਭੈਣ-ਭਰਾਵਾਂ ਬਾਰੇ, ਮਾਤਾ-ਪਿਤਾ ਬਾਰੇ, ਬਾਤਾਂ, ਕਹਾਣੀਆਂ, ਚੁਟਕਲਿਆਂ ਬਾਰੇ। ਆਪਣੀ ਰੁਚੀ ਮੁਤਾਬਿਕ ਬੱਚਾ ਕੁਝ ਗੱਲਾਂ ਦੇ ਜਵਾਬ ਜ਼ਰੂਰ ਦੇਵੇਗਾ।
ਤੁਸੀਂ ਵਿਗਿਆਨ ਦੀ ਪੜ੍ਹਾਈ ਨੂੰ ਕੇਵਲ ਪੜ੍ਹਨ ਕਮਰੇ ਤੱਕ ਸੀਮਤ ਕਰ ਦਿੰਦੇ ਹੋ। ਪਰ ਵਿਗਿਆਨ ਤਾਂ ਸਾਡੇ ਘਰਾਂ ਵਿਚ, ਖੇਤਾਂ ਵਿਚ, ਹਵਾ ਵਿਚ, ਆਕਾਸ਼ ‘ਤੇ, ਕਿਹੜੀ ਜਗ੍ਹਾ ਹੈ ਜਿਸ ਥਾਂ ਵਿਗਿਆਨ ਮੌਜੂਦ ਨਹੀਂ। ਘਰ ‘ਚ ਬਿਜਲੀ ਅਤੇ ਇਸ ਨਾਲ ਚਲਦੇ ਫਰਿਜ, ਕੂਲਰ, ਏ.ਸੀ., ਟੈਲੀਵਿਜ਼ਨ, ਕੰਪਿਊਟਰ, ਮੋਬਾਈਲ ਫੋਨ, ਸਭ ਵਿਗਿਆਨ ਕਰਕੇ ਹੀ ਹਨ।ਅਸੀਂ ਏਨੇ ਬੇਤਰਸ ਹੋ ਗਏ ਹਾਂ ਕਿ ਬੱਚੇ ਨੂੰ ਖੁੱਲ੍ਹ ਕੇ ਆਪਣੇ ਮਨ ਦੀ ਗੱਲ ਕਹਿਣ ਹੀ ਨਹੀਂ ਦਿੰਦੇ। ਉਸ ਨੂੰ ਕੁਦਰਤ ਨਾਲ ਇਕਸੁਰ ਨਹੀਂ ਹੋਣ ਦਿੰਦੇ। ਬੱਸ ਇਕ ਲਕੀਰ ਖਿੱਚ ਦਿੰਦੇ ਹਾਂ ਅਤੇ ਬੱਚੇ ਨੂੰ ਉਸ ਲਕੀਰ ‘ਤੇ ਤੋਰੀ ਰੱਖਦੇ ਹਾਂ। ਉਸ ਨੂੰ ਇਹ ਕਹਿਣ ਦਾ ਹੱਕ ਨਹੀਂ ਕਿ ਉਹ ਕੀ ਪੜ੍ਹਨਾ ਚਾਹੁੰਦਾ ਹੈ? ਸੁਤੰਤਰਤਾ ਨਾਲ ਸਿੱਖਣ ਦਾ ਹੱਕ ਅਸੀਂ ਬੱਚੇ ਕੋਲੋਂ ਖੋਹ ਲੈਂਦੇ ਹਾਂ। ਬੱਚੇ ਬੜੇ ਜਗਿਆਸੂ ਹੁੰਦੇ ਹਨ। ਹਰ ਚੀਜ਼ ਨੂੰ ਨੀਝ ਨਾਲ ਦੇਖਦੇ, ਕੁਝ ਸਿੱਖਦੇ, ਕੁਝ ਗ੍ਰਹਿਣ ਕਰੀ ਜਾਂਦੇ ਹਨ। ਕੀ ਆਪਣੇ ਅਨੁਭਵਾਂ ‘ਚੋਂ ਕੋਈ ਸਿੱਟਾ ਕੱਢ ਲੈਣ ਨੂੰ ਖੋਜ ਨਹੀਂ ਆਖਦੇ?ਤੁਹਾਡੇ ਮਨਾਂ ‘ਚ ਵੀ ਇਹ ਸਵਾਲ ਉਭਰਿਆ ਹੋਣਾ ਕਿ ਸਾਡੇ ਬੱਚੇ ਵਿਗਿਆਨੀ ਕਿਉਂ ਨਹੀਂ ਬਣਦੇ? ਯੂਰਪ ਦੇ ਬੱਚਿਆਂ ਵਾਂਗ। ਤੁਸੀਂ ਇਕ ਪ੍ਰਸ਼ਨ ਦਾ ਜਵਾਬ ਦਿਉ ਕਿ ਜਦੋਂ ਤੁਹਾਡਾ ਬੱਚਾ ਸਕੂਲੋਂ ਪੜ੍ਹ ਕੇ ਘਰ ਆਉਂਦਾ, ਤੁਸੀਂ ਉਸ ਨੂੰ ਕਦੀ ਚੱਜ ਨਾਲ ਮਿਲੇ ਹੋ? ਕਾਪੀ ‘ਤੇ ਗੁੱਡ ਲੈ ਕੇ ਆਇਆ? ਕਿਹੜਾ ਅਧਿਆਪਕ ਉਸ ਨੂੰ ਚੰਗਾ ਲਗਦਾ? ਉਹ ਪੜ੍ਹਾਉਂਦਾ ਕਿਵੇਂ ਹੈ? ਕੀ ਉਹ ਪੁੱਛੇ ਸਵਾਲਾਂ ਦੇ ਜਵਾਬ ਦੇ ਦਿੰਦਾ? ਟਾਮਸ ਐਲਵਾ ਐਡੀਸਨ ਵੀ ਅਧਿਆਪਕਾਂ ਨੂੰ ਅਜੀਬ-ਗਰੀਬ ਸਵਾਲ ਪੁੱਛਦਾ ਹੁੰਦਾ ਸੀ ਕਿ ਬਰਫ਼ ਪਹਾੜਾਂ ‘ਤੇ ਸਰਦੀਆਂ ‘ਚ ਕਿਉਂ ਪੈਂਦੀ ਹੈ? ਗਰਮੀ ‘ਚ ਕਿਉਂ ਨਹੀਂ ਪੈਂਦੀ? ਅਧਿਆਪਕਾਂ ਨੇ ਉਸ ਨੂੰ ‘ਗੰਦਾ ਅੰਡਾ’ ਕਹਿ ਕੇ ਤੁਰੰਤ ਸਕੂਲੋਂ ਕੱਢ ਦਿੱਤਾ ਸੀ। ਉਹੀ ਐਡੀਸਨ ਵੱਡਾ ਹੋ ਕੇ ਮਹਾਨ ਖੋਜੀ ਬਣਿਆ, ਜਿਸ ਨੇ ਬਿਜਲੀ ਦੇ ਬਲਬ ਤੋਂ ਇਲਾਵਾ ਅਨੇਕਾਂ ਖੋਜਾਂ ਕੀਤੀਆਂ। ਮਾਈਕਲ ਫੈਰਾਡੇ ਥਥਲਾ ਕੇ ਬੋਲਦਾ ਸੀ। ਰਾਬਰਟ ਨੂੰ ਟਾਬਟ ਕਹਿੰਦਾ ਸੀ। ਅਧਿਆਪਕਾ ਨੇ ਰੋਜ਼ ਉਸ ਨੂੰ ਸਜ਼ਾ ਦੇ ਕੇ ਸਕੂਲੋਂ ਭਜਾ ਦਿੱਤਾ ਸੀ। ਉਹੀ ਫੈਰਾਡੇ ਨੇ ਬਿਜਲੀ ਦੀ ਖੋਜ ਕੀਤੀ ਸੀ। ਚਾਰਲਸ ਰਾਬਰਟ ਡਾਰਵਿਨ ਬਚਪਨ ‘ਚ ਕੀੜੇ ਮਕੌੜੇ, ਸੰਖ, ਸਿੱਪੀਆਂ, ਪੱਥਰ ਇਕੱਠੇ ਕਰਦਾ ਹੁੰਦਾ ਸੀ। ਉਸ ਦਾ ਪਿਤਾ ਡਾਕਟਰ ਸੀ। ਦਾਦਾ ਵੀ ਡਾਕਟਰ। ਡਾਰਵਿਨ ਨੂੰ ਵੀ ਉਹ ਡਾਕਟਰ ਬਣਾਉਣਾ ਚਾਹੁੰਦੇ ਸਨ। ਉਸ ਤੋਂ ਸਕੂਲ ਅਧਿਆਪਕ ਵੀ ਦੁਖੀ ਸਨ ਤੇ ਘਰੇ ਮਾਪੇ ਵੀ ਦੁਖੀ। ਉਹ ਡਾਕਟਰ ਤਾਂ ਨਾ ਬਣਿਆ ਨਾ ਹੀ ਧਾਰਮਿਕ ਆਗੂ ਬਣਿਆ ਪਰ ਆਪਣੀਆਂ ਰੁਚੀਆਂ ਮੁਤਾਬਿਕ ‘ਵਿਕਾਸ ਦਾ ਸਿਧਾਂਤ’ ਖੋਜ ਕੇ ਵਿਸ਼ਵ ‘ਚ ਪ੍ਰਸਿੱਧ ਹੋਇਆ। ਰੇਡੀਓ ਦਾ ਖੋਜੀ ਮਾਰਕੋਨੀ ਕਦੀ ਕਿਸੇ ਸਕੂਲ ‘ਚ ਪੜ੍ਹਨ ਹੀ ਨਹੀਂ ਗਿਆ ਸੀ। ਐਲਬਰਟ ਆਈਨਸਟਾਈਨ ਦੇ ਯਹੂਦੀ ਹੋਣ ਕਰਕੇ ਇਸਾਈ ਅਧਿਆਪਕ ਉਸ ‘ਤੇ ਨਸਲੀ ਟਿੱਪਣੀਆਂ ਕਰਦਾ ਹੁੰਦਾ ਸੀ। ਸਟੀਫਨ ਹਾਕਿੰਗ ਨੂੰ ਬਾਇਰਾਨ ਹਾਊਸ ਸਕੂਲ ‘ਚ ਅਧਿਆਪਕਾਂ ਦੇ ਪੜ੍ਹਾਉਣ ਦਾ ਤਰੀਕਾ ਚੰਗਾ ਨਹੀਂ ਸੀ ਲਗਦਾ। ਉਦੋਂ ਅਧਿਆਪਕ ਕੋਲ ਕੋਈ ਜਵਾਬ ਨਹੀਂ ਸੀ ਜਦੋਂ ਰਾਮਾਨੁਜ ਨੇ ਪ੍ਰਸ਼ਨ ਕੀਤਾ ਸੀ ਕਿ ਜੇ ਇਕ ਨੂੰ ਸਿਫ਼ਰ ‘ਤੇ ਤਕਸੀਮ ਕਰੀਏ ਤਾਂ ਉੱਤਰ ਕੀ ਹੋਵੇਗਾ?ਅੱਜ ਵਿਗਿਆਨ ਦਿਵਸ ‘ਤੇ ਸਾਨੂੰ (ਅਧਿਆਪਕਾਂ ਤੇ ਮਾਪਿਆਂ ਨੂੰ) ਆਪਣੇ ਆਪ ਤੋਂ ਇਹ ਸਵਾਲ ਪੁੱਛਣਾ ਚਾਹੀਦਾ ਕਿ ਅਸੀਂ ਬੱਚੇ ਦਾ ਸੁਤੰਤਰ ਵਿਕਾਸ ਕਿਉਂ ਨਹੀਂ ਹੋਣ ਦਿੰਦੇ? ਅਸੀਂ ਉਸ ਨੂੰ ਵਧੀਆ ਕਿਤਾਬਾਂ ਨਾਲ ਕਿਉਂ ਨਹੀਂ ਜੋੜਦੇ? ਅਸੀਂ ਆਪਣੇ ਬੱਚੇ ਬਾਰੇ ਸਾਰਾ ਕੁਝ ਕਿਉਂ ਨਹੀਂ ਜਾਣਦੇ?
ਜਦੋਂ ਤੁਸੀਂ ਗੰਭੀਰਤਾ ਨਾਲ ਸਾਰੇ ਸਵਾਲਾਂ ਦੇ ਹੱਲ ਤਲਾਸ਼ ਲਾਉਗੇ ਅਤੇ ਮਨ ਨਾਲ ਆਪਣੇ ਬੱਚੇ ਪ੍ਰਤੀ ਸੁਹਿਰਦ ਹੋ ਕੇ ਸੋਚੋਗੇ ਤਾਂ ਉਹ ਦਿਨ ਵੀ ਆਏਗਾ, ਜਦੋਂ ਤੁਹਾਡੇ ਬੱਚਿਆਂ ‘ਚੋਂ ਕੋਈ ਸੀ.ਵੀ. ਰਮਨ ਵੀ ਪੈਦਾ ਹੋਵੇਗਾ। ਆਓ ਆਪਾਂ ਰਲ ਕੇ ਇਸ ਚੁਣੌਤੀ ਨੂੰ ਖਿੜੇ ਮੱਥੇ ਸਵੀਕਾਰ ਕਰੀਏ। ਤੁਰਾਂਗੇ ਤਾਂ ਰਸਤੇ ਮਿਲਣਗੇ ਹੀ।
-398-ਵਿਕਾਸ ਨਗਰ, ਗਲੀ-10 ਪੱਖੋਵਾਲ ਰੋਡ, ਲੁਧਿਆਣਾ।

About Pindonline

Leave a Reply

Your email address will not be published. Required fields are marked *